ਕਮਿਊਨਿਟੀ ਦਿਸ਼ਾ-ਨਿਰਦੇਸ਼ - ਡੁਓਲਿੰਗੋ

ਕਮਿਊਨਿਟੀ ਦਿਸ਼ਾ-ਨਿਰਦੇਸ਼

ਸਾਡਾ ਇਹ ਮੰਨਣਾ ਹੈ ਕਿ ਸਾਰਿਆਂ ਲਈ ਭਾਸ਼ਾ ਦਾ ਗਿਆਨ ਮੁਫ਼ਤ ਵਿੱਚ ਉਪਲਬਧ ਹੋਣਾ ਚਾਹੀਦਾ ਹੈ। ਸਾਡੇ ਦਿਸ਼ਾ-ਨਿਰਦੇਸ਼ ਉਹਨਾਂ ਗੱਲਾਂ ਉੱਤੇ ਆਪਸੀ ਤਾਲਮੇਲ ਵਧਾਉਣ ਲਈ ਲਿਖੇ ਗਏ ਹਨ ਜੋ ਕਿ ਇਸ ਕਮਿਊਨਿਟੀ ਦਾ ਮੂਲ ਅਧਾਰ ਹਨ। ਜੇਕਰ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਾਡੇ ਦੁਆਰਾ ਸਖ਼ਤ ਕਦਮ ਉਠਾਇਆ ਜਾਵੇਗਾ, ਇਸ ਲਈ ਇਹਨਾਂ ਨੂੰ ਧਿਆਨ ਨਾਲ ਪੜ੍ਹੋ।

ਦੁਨੀਆ ਭਰ ਤੋਂ ਅਸੀਂ ਇੱਥੇ ਭਾਸ਼ਾਵਾਂ ਦੇ ਵੱਖ-ਵੱਖ ਲੈਵਲ ਦੇ ਨਾਲ ਇੱਕ ਹੀ ਟੀਚੇ ਦੇ ਲਈ ਇਕੱਠੇ ਹੋਏ ਹਾਂ - ਗਿਆਨ ਪ੍ਰਾਪਤੀ। ਉਤਸੁਕਤਾ, ਸਵਾਲ-ਜਵਾਬ ਅਤੇ ਸੱਭਿਆਚਾਰਕ ਤਾਲਮੇਲ ਦੀ ਅਸੀਂ ਹਮੇਸ਼ਾ ਪ੍ਰਸ਼ੰਸਾ ਕਰਦੇ ਹਾਂ। ਦੁਨੀਆ ਦੇ ਕਿਸੇ ਵੀ ਕੋਨੇ ਤੋਂ ਆਏ ਹੋਏ ਲੋਕਾਂ ਦੇ ਨਾਲ ਹਮੇਸ਼ਾ ਪਿਆਰ-ਸਤਿਕਾਰ ਨਾਲ ਪੇਸ਼ ਆਓ।

ਅਸੀਂ ਸਾਰੇ ਇਸ ਵਿੱਚ ਇਕੱਠੇ ਹਾਂ। ਨਵੀਂ ਭਾਸ਼ਾ ਸਿੱਖਣਾ ਇੱਕ ਮੁਸ਼ਕਲ ਕੰਮ ਹੈ ਅਤੇ ਇਸ ਦੇ ਲਈ ਧੀਰਜ, ਹਿੰਮਤ ਅਤੇ ਸਮਰਪਣ ਦੀ ਜ਼ਰੂਰਤ ਹੁੰਦੀ ਹੈ। ਜੇਕਰ ਕੋਈ ਵਿਆਕਰਨ ਦੀ ਗਲਤ ਵਰਤੋਂ ਕਰ ਰਿਹਾ ਹੈ ਜਾਂ ਕੋਈ ਅਜਿਹਾ ਸਵਾਲ ਪੁੱਛ ਰਿਹਾ ਹੈ ਜਿਸਦਾ ਤੁਹਾਡੀ ਰਾਇ ਵਿੱਚ ਇੱਕ ਸਿੱਧਾ ਅਤੇ ਸਰਲ ਉੱਤਰ ਹੈ, ਤਾਂ ਕਿਰਪਾ ਕਰਕੇ ਉਸ ਦੀ ਸ਼ਾਂਤੀਪੂਰਨ ਤਰੀਕੇ ਨਾਲ ਮਦਦ ਕਰੋ। ਗਲਤ ਜਵਾਬ ਲਿਖਣ ਨਾਲ ਕਿਸੇ ਦਾ ਵੀ ਭਲਾ ਨਹੀਂ ਹੁੰਦਾ। ਸਹੀ ਤਰੀਕੇ ਨਾਲ ਸਮਝਾਉਣ ਵਿੱਚ ਅਸਮਰੱਥ ਹੋ? ਕਿਰਪਾ ਕਰਕੇ ਚੁੱਪ ਹੀ ਰਹੋ।

ਕਿਸੇ ਵੀ ਭਾਸ਼ਾ ਵਿੱਚ ਕਿਸੇ ਇੱਕ ਗੱਲ ਨੂੰ ਕਹਿਣ ਲਈ ਕਈ ਵੱਖ-ਵੱਖ ਸ਼ਬਦ, ਉਚਾਰਨ ਅਤੇ ਤਰੀਕੇ ਹੋ ਸਕਦੇ ਹਨ। ਅਸੀਂ ਸੋਚਦੇ ਹਾਂ ਕਿ ਇਹ ਭਾਸ਼ਾ ਦੀਆਂ ਸੁੰਦਰ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ। ਇਹਨਾਂ ਵਿਚਾਰ-ਚਰਚਾਵਾਂ ਵਿੱਚ ਖੁੱਲ੍ਹੇ ਦਿਮਾਗ ਅਤੇ ਖੁੱਲ੍ਹੇ ਨਜ਼ਰੀਏ ਨਾਲ ਭਾਗ ਲਓ।

ਅਸੀਂ ਤੁਹਾਡੀ ਸੁਰੱਖਿਆ ਲਈ ਫਿਕਰਮੰਦ ਹਾਂ। ਕੋਈ ਵੀ ਨਵੀਂ ਭਾਸ਼ਾ ਬੋਲਣਾ ਮੂਲ ਰੂਪ ਵਿੱਚ ਭਾਵੇਂ ਇੱਕ ਸਮਾਜਿਕ ਕਿਰਿਆ ਹੈ, ਪਰੰਤੂ ਕੋਈ ਵੀ ਨਿੱਜੀ ਜਾਣਕਾਰੀ ਨੂੰ ਪੋਸਟ ਕਰਨ ਜਾਂ ਅਦਾਨ-ਪ੍ਰਦਾਨ ਕਰਨ ਸਮੇਂ ਸਾਵਧਾਨੀ ਵਰਤੋ ਤਾਂ ਕਿ ਇਸ ਦੀ ਗ਼ਲਤ ਵਰਤੋਂ ਨਾ ਕੀਤੀ ਜਾ ਸਕੇ। ਇਸ ਵਿੱਚ ਤੁਹਾਡਾ ਫੋਨ ਨੰਬਰ, ਜਨਮ ਮਿਤੀ, ਪਤਾ, ਤੁਹਾਡਾ ਘਰ ਰਹਿਣ ਦਾ ਸਮਾਂ, ਸਕੂਲ ਦਾ ਨਾਮ, ਈਮੇਲ ਜਾਂ ਕੋਈ ਵੀ ਹੋਰ ਨਿੱਜੀ ਜਾਣਕਾਰੀ ਜਿਸ ਨਾਲ ਤੁਹਾਡੀ ਪ੍ਰਾਈਵੇਸੀ ਨੂੰ ਖਤਰਾ ਹੋਵੇ, ਸ਼ਾਮਲ ਹਨ। ਸਿੱਧੇ ਸ਼ਬਦਾਂ ਵਿੱਚ: ਕੋਈ ਵੀ ਬੇਲੋੜੀ ਜਾਣਕਾਰੀ ਨਾ ਦਿਓ। ਨਿੱਜੀ ਡੇਟਾ ਸਾਂਝਾ ਕਰਨ ਜਾਂ ਦੂਸਰਿਆਂ ਨੂੰ ਨਿੱਜੀ ਡੇਟਾ ਸਾਂਝਾ ਕਰਨ ਲਈ ਉਤਸ਼ਾਹਿਤ ਕਰਨ ਕਰਕੇ ਤੁਹਾਡੀ ਪੋਸਟ ਜਾਂ ਅਕਾਊਂਟ ਹਟਾਇਆ ਜਾ ਸਕਦਾ ਹੈ।


ਕਿਰਪਾ ਕਰਕੇ ਡੁਓਲਿੰਗੋ ਦੀ ਵਰਤੋਂ ਇਹਨਾਂ ਗੱਲਾਂ ਲਈ ਨਾ ਕਰੋ...

ਡੁਓਲਿੰਗੋ ਹਰ ਇੱਕ ਪਿਛੋਕੜ ਦੇ ਸਿਖਿਆਰਥੀਆਂ ਲਈ ਇੱਕ ਸੁਰੱਖਿਅਤ ਥਾਂ ਹੈ। ਹਾਨੀਕਾਰਕ ਅਤੇ ਛੇੜਛਾੜ ਵਾਲੀ ਸਮੱਗਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਫ਼ਰਤ ਫੈਲਾਉਣ ਵਾਲੇ ਚਿੰਨ੍ਹ, ਨਾਮ ਅਤੇ ਸ਼ਬਦਾਂ ਦੀ ਵਰਤੋਂ ਨੂੰ — ਨਾਲ ਹੀ ਪਰੇਸ਼ਾਨ ਕਰਨਾ, ਪਿੱਛਾ ਕਰਨਾ, ਪਹਿਚਾਣ ਦੀ ਨਕਲ ਕਰਨਾ ਅਤੇ ਕਿਸੇ ਪ੍ਰਤੀ ਜਿਨਸੀ ਟਿੱਪਣੀ ਕਰਨ ਨੂੰ ਦੁਰਉਪਯੋਗ ਮੰਨਿਆ ਜਾਵੇਗਾ। ਇਹ ਅਸ਼ਲੀਲ ਅਤੇ ਭੜਕਾਊ ਪ੍ਰੋਫਾਈਲ ਫੋਟੋਆਂ ਅਤੇ ਯੂਜ਼ਰਨਾਮ ਦੇ ਲਈ ਵੀ ਲਾਗੂ ਹੁੰਦਾ ਹੈ। ਜਿਵੇਂ ਕਿ ਸ਼ਰਤਾਂ ਵਿੱਚ ਦੱਸਿਆ ਗਿਆ ਹੈ, Duolingo ਇਹਨਾਂ ਫੋਟੋਆਂ ਨੂੰ ਬਦਲਣ ਅਤੇ ਅਕਾਊਂਟਾਂ ਨੂੰ ਹਟਾਉਣ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ। ਇਹ ਧਿਆਨ ਵਿੱਚ ਰੱਖੋ: ਜੇਕਰ ਤੁਹਾਡੇ ਵਿਵਹਾਰ ਨਾਲ ਕੋਈ ਦੁਖੀ ਮਹਿਸੂਸ ਕਰ ਰਿਹਾ ਹੈ ਤਾਂ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਅਸੀਂ ਇਹਨਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜੇਕਰ ਸਾਡੀ ਟੀਮ ਦੁਆਰਾ ਤੁਹਾਡੀ ਕਿਸੇ ਇਹੋ ਜਿਹੀ ਗਤੀਵਿਧੀ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।

ਡੁਓਲਿੰਗੋ ਇਮਾਨਦਾਰੀ ਭਰਪੂਰ ਸਿੱਖਿਆ ਵਿੱਚ ਵਿਸ਼ਵਾਸ ਰੱਖਦਾ ਹੈ। ਜੇਕਰ ਤੁਸੀਂ ਧੋਖਾਧੜੀ ਦੇ ਮਕਸਦ ਨਾਲ ਡੁਓਲਿੰਗੋ ਦੀ ਵਰਤੋਂ ਕਰ ਰਹੇ ਹੋ ਜਾਂ ਡੁਓਲਿੰਗੋ ਨਾਲ ਸਬੰਧਤ ਜਾਣਕਾਰੀ ਜਾਂ ਨਿਰਦੇਸ਼ਾਂ ਨੂੰ ਅਜਿਹੇ ਤਰੀਕੇ ਨਾਲ ਸਾਂਝਾ ਕਰ ਰਹੇ ਹੋ, ਜਿਸ ਨਾਲ ਪੂਰੀ ਪ੍ਰਣਾਲੀ, ਕਮਿਊਨਿਟੀ, ਸਿੱਖਿਆ, ਡੇਟਾ ਜਾਂ ਅਨੁਭਵ ਇੱਕ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਹੋ ਸਕਦੇ ਹਨ ਤਾਂ ਤੁਹਾਡੇ ਅਕਾਊਂਟ ਜਾਂ ਪੋਸਟ ਨੂੰ ਹਟਾਇਆ ਜਾ ਸਕਦਾ ਹੈ।

ਨਫ਼ਰਤ ਭਰੀਆਂ, ਅਸ਼ਲੀਲ ਅਤੇ ਵਿਸ਼ੇ ਤੋਂ ਭਟਕੀਆਂ ਹੋਈਆਂ ਟਿੱਪਣੀਆਂ ਦਾ ਸਿੱਖਣ ਵਿੱਚ ਕੋਈ ਯੋਗਦਾਨ ਨਹੀਂ। ਗਾਲਾਂ ਦਾ ਵੀ ਨਹੀਂ (ਲੋਕਾਂ ਨੂੰ ਇਹੋ ਜਿਹੇ ਸ਼ਬਦ ਕਿਤੇ ਹੋਰ ਖੋਜਣ ਦਿਓ)। ਭਾਸ਼ਾ ਸਬੰਧਤ ਵਿਚਾਰ-ਚਰਚਾਵਾਂ ਤੋਂ ਇਹਨਾਂ ਨੂੰ ਦੂਰ ਰੱਖੋ।

ਅਸੀਂ ਇਸ ਤਰ੍ਹਾਂ ਦੀ ਸਮੱਗਰੀ ਬਰਦਾਸ਼ਤ ਨਹੀਂ ਕਰਦੇ:

ਕਿਰਪਾ ਕਰਕੇ ਇਹਨਾਂ ਦਿਸ਼ਾ-ਨਿਰਦੇਸ਼ਾਂ ਤੋਂ ਬਚਣ ਦੇ ਰਸਤੇ ਲੱਭਣ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ। ਜਿਹੜੀ ਵੀ ਸਮੱਗਰੀ ਇਹਨਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰੇਗੀ, ਸਾਡੇ ਦੁਆਰਾ ਉਹ ਹਟਾ ਦਿੱਤੀ ਜਾਵੇਗੀ ਅਤੇ ਤੁਸੀਂ ਬਿਨਾਂ ਕਿਸੇ ਚਿਤਾਵਨੀ ਦੇ ਡੁਓਲਿੰਗੋ ਦੀ ਵਰਤੋਂ ਕਰਨ ਦਾ ਅਧਿਕਾਰ ਅੰਸ਼ਕ ਜਾਂ ਪੂਰਨ ਰੂਪ ਵਿੱਚ ਗੁਆ ਸਕਦੇ ਹੋ। ਇਹਨਾਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰ ਕੇ ਅਸੀਂ ਸਾਰੇ ਇੱਕ ਰੋਚਕ ਅਤੇ ਮਦਦਗਾਰ ਸਿੱਖਿਆ ਕਮਿਊਨਿਟੀ ਲਈ ਯੋਗਦਾਨ ਕਰਾਂਗੇ.